Wednesday, October 1, 2008

ਸੁਚੱਜੀ ਨਾਰ

ਮਾਏ ਨੀ ਮਾਏ ਮੈਨੂੰ ਸਹੁ ਮਿਲਣੇ ਦੀ ਦਿਲ ਵਿੱਚ ਕਾਹਲ ਪਵੇ,
ਭਾਵੇਂ ਨਾ ਵੇਖਿਆ, ਨਾ ਸੁਣਿਆ ਹੀ ਅਜੇ,
ਰੜਕ ਵਿਛੋੜੇ ਪਰ ਉਸਦੇ ਦੀ ਕਾਲਜੇ ਨੂੰ ਹਰ ਦਮ ਟੀਸ ਦਵੇ |

ਰਹਾਂ ਉਡੀਕਦੀ ਮਿਲ ਜਾਵੇ ਕੋਈ ਜੋ ਪਤਾ ਮਾਹੀ ਥੀਂ ਦੱਸੇ,
ਭੱਜ-ਭੱਜ ਜਾਵਾਂ, ਸ਼ੁਕਰ ਮਨਾਵਾਂ,
ਜਿਉਂ ਕਰ ਭੁੱਜੀ ਅਸਾੜ ਦੀ ਕੋਈ ਸੌਣ ਆਏ ਤੇ ਨੱਚੇ ਹੱਸੇ |

ਆਉ ਸਹੇਲੀਉ ਚਰਖਾ ਡਾਹੀਏ ਗੀਤ ਬਿਰਹੇ ਦੇ ਗਾਈਏ,
ਤਾਂਘ ਦੀ ਤੰਦ, ਪ੍ਰੀਤ ਦੀ ਪੂਣੀ,
ਕੱਤ-ਕੱਤ ਅੱਠੇ ਪਹਿਰੀ ਆਪਣੇ ਸਹੁ ਨੂੰ ਸਦਾ ਰਿਝਾਈਏ |

ਵਸਲ ਮਾਹੀ ਦਾ ਜਿਸ ਨੂੰ ਮਿਲ ਜਾਵੇ ਉਹੋ ਨਾਰ ਸੁਚੱਜੀ,
ਉਹ ਮਾਹੀ ਵਿੱਚ, ਮਾਹੀ ਉਸ ਵਿੱਚ,
ਅਨਦਿਨ ਬਿਗਸੇ ਜਿਵੇਂ ਕੰਵਲ ਕੋਈ ਭਉਜਲ ਤੋਂ ਅਭਿੱਜੀ |

1 comment:

Engineer said...

ikk Gursikh di taangh apne Waheguru nu milan di...birha di bhawna nu bade sohne akhra ch paaya.... Kirpa poori Singho... :)