Monday, October 20, 2008

ਸਿੰਘਾ ਦਾ ਮੁਕੱਦਰ


ਅੱਖਾਂ ਖੁੱਲੀਆਂ ਪਰ ਘੁੱਪ ਹਨੇਰੇ ਨੇ
ਸੋਚਾਂ ਬਹੁਤੀਆਂ ਪਰ ਚੁੱਪ ਚੁਫੇਰੇ ਨੇ

ਹੋਇਆ ਸਹੀ ਕਿ ਸਭ ਗਲਤ ਹੈਸੀ
ਜਵਾਬ ਇਕ ਨਾ ਸਵਾਲ ਬਥੇਰੇ ਨੇ

ਹੁਣ ਤਕ ਤੇ ਨਾ ਕੋਈ ਰਾਹ ਦਿਸੇ
ਹੁੰਦੇ ਰਾਤੋਂ ਬਾਦ ਅਕਸਰ ਸਵੇਰੇ ਨੇ

ਘੱਲੂਘਾਰਿਆਂ 'ਚ ਜਾਨ ਗਵਾਈ ਏਨੀ
ਇਹ ਵੀ ਪੰਥ ਤੇਰੇ ਦੇ ਹੀ ਜੇਰੇ ਨੇ

ਠੱਗੇ ਭੋਲਿਆਂ ਨੂੰ ਹੀ ਸੰਸਾਰ ਲੋਕੋ
ਸ਼ਾਤਰ ਲੈ ਲਏ ਸਿਆਸਤੀ ਬਨੇਰੇ ਨੇ

ਜੰਞ ਪਾਪ ਦੀ ਕਦੇ ਤਾਂ ਵਿਦਾ ਹੋਸੀ
ਪਾਏ ਸਦੀਆਂ ਤੋ ਜਿਨ੍ਹਾਂ ਡੇਰੇ ਨੇ

ਬਾਪੂ ਆਪ ਜੰਗਲਾਂ 'ਚ ਸੀ ਇਕੱਲਾ
ਪਾਪੀ ਜੁਲਮ ਕਮਾਏ ਘਨੇਰੇ ਨੇ

ਸ਼ੈਦ ਜੂਝਣਾ ਤੇ ਜੂਝਦੇ ਸ਼ਹੀਦ ਹੋਣਾ
ਲਿਖਿਆ ਸਿੰਘਾ ਦਾ ਮੁਕੱਦਰ ਚਤੇਰੇ ਨੇ

Wednesday, October 15, 2008

ਦੂਰੀ


ਦਿਨ ਢਲਦੇ ਪਰਛਾਵੇਂ ਵਾਂਙੂ,
ਮੈਨੂੰ ਹਿਜਰ ਲੰਮੇਰਾ ਖਾਵੇ
ਖੜ ਜਾ ਸੂਰਜ ਏਥੇ ਹੀ ਬਸ
ਭੈਅ ਰਾਤ ਕਾਲੀ ਦਾ ਆਵੇ

ਅੱਖੀਆਂ ਦੇ ਵਿੱਚ ਤੇਰੀ ਲਾਲੀ,
ਨੈਣੀਂ ਸੇਕ ਤੂੰ ਹੀ ਤੇ ਭਰਿਆ
ਮੁੜ ਕੇ ਆਣ ਦਾ ਵਾਦਾ ਤੇਰਾ,
ਜਾਏ ਹਉਕਿਆਂ ਤੋ ਨਾ ਜਰਿਆ

ਰਹਿਣਾ ਵਿੱਚ ਨਿਜ਼ਾਮ ਇਲਾਹੀ,
ਇਹ ਸਮਝ ਮੈਨੂੰ ਹੈ ਪੂਰੀ
ਬਿਰਹੋਂ ਭਿੱਜੇ ਪਰ ਇਸ ਦਿਲ ਤੋਂ,
ਹਾਏ, ਝੱਲੀ ਜਾਏ ਨਾ ਦੂਰੀ

Saturday, October 11, 2008

ਉਹ ਮਨਾ


ਚੇਤਾ ਭੁੱਲਿਆ ਉਹਦਾ, ਜਿਸ ਚੇਤੇ ਸ਼ਕਤੀ ਦਿੱਤੀ
ਉਹ ਮਨਾ, ਤੂੰ ਤੇ ਅਕ੍ਰਿਤਘਣੇ ਦੀ ਅੱਤ ਚੁੱਕ ਦਿੱਤੀ

ਉੁਹਦਾ ਦਿੱਤਾ ਉਸ ਅੱਗੇ ਰਖ ਕੇ, ਹੰਕਾਰ ਵਧਾ ਲਿਆ
ਉਹ ਮਨਾ, ਤੂੰ ਇਹ ਕੈਸਾ ਅਜਬ ਵਪਾਰ ਕਮਾ ਲਿਆ

ਸੁਖ ਨੂੰ ਬਖਸ਼ਿਸ਼, ਦੁਖ ਨੂੰ ਉੁਹਦੀ ਕਰੋਪੀ ਦਸ ਰਿਹੈਂ,
ਉਹ ਮਨਾ, ਤੂੰ ਰੋਗ ਤੇ ਦਾਰੂ ਦੀ ਪਛਾਣ ਭੁੱਲ ਰਿਹੈਂ

ਆਪਣੇ ਨਾਲ਼ ਮੋਹ ਤੇ ਗ਼ੈਰ ਸੰਗ ਵੰਡੀਆਂ ਪਾ ਬੈਠੈਂ,
ਉਹ ਮਨਾ, ਤੂੰ ਤੇ ੴ ਦੇ ਰੂਪ ਨੂੰ ਸੰਨ੍ਹ ਲਾ ਬੈਠੈਂ

ਜਿਸ ਖਾਤਰ ਆਇਆ ਏਂ, ਉਹ ਕੰਮ ਯਾਦ ਨਹੀਂ,
ਉਹ ਮਨਾ, ਉਸ ਬਾਝੋਂ ਕਿਤੇ ਹੋਣਾ ਆਬਾਦ ਨਹੀਂ

ਮੰਨ ਗੱਲ, ਛੱਡ ਜੰਜਾਲ, ਗੁਰ ਚਰਨੀ ਲਗ ਜਾ,
ਉੁਹ ਮਨਾ, ਵੇਲ਼ਾ ਨਾ ਗੁਆ 'ਵਾਹਿਗੁਰੂ' ਆਖੀ ਜਾ

Wednesday, October 1, 2008

ਬੇਚੈਨੀ

ਕੌਣ ਹਾਂ ਮੈਂ, ਕੌਣ ਹੈਂ ਤੂੰ, ਕੌਣ ਨੇ ਇਹ ਲੋਕੀ ਸਾਰੇ,
ਸਮਝ ਪਵੇ ਨਾ, ਖੁੱਲੀ ਅੱਖੀਆਂ ਘਿਰਿਆ ਜਿਉਂ ਅੰਧਿਆਰੇ

ਮੇਰੇ ਚਿੱਤ ਵਿੱਚ ਬੇਚੈਨੀ ਏ, ਨਾਲ਼ੇ ਘੁਲਿਆ ਕਾਲਜਾ ਜਾਵੇ,
ਇੱਕੋ ਵਾਰ ਤੇ ਬਸ ਇੱਕ ਹੀ ਵਾਰ, ਕੋਈ ਚਾਨਣ ਰਾਹਵੇ ਪਾਵੇ

ਪਰ ਇਸ ਘੁੱਪ ਹਨੇਰੇ ਅੰਦਰ, ਕੋਈ ਆਸ ਕਿਰਨ ਨਾ ਦਿਸਦੀ,
ਜਿਸ ਦੀ ਲੌ ਦੀ ਲੀਕੇ ਤੁਰ ਕੇ, 'ਮੈਂ' ਸੂਰਜ ਨੁੰ ਜਾ ਮਿਲਦੀ

ਉਂਜ ਪਤਾ ਨਹੀਂ ਅੱਖਾਂ ਮੇਰੀਆਂ, ਨਾ ਝੱਲ ਸਕਣ ਉਹ ਲਿਸ਼ਕਾਰੇ
ਕਿਉਂ ਜੋ ਕਈ ਜਨਮਾਂ ਤੋਂ ਇਹ ਮਨ, ਘਿਰਿਆ ਹੈ ਅੰਧਿਆਰੇ

ਸੁਚੱਜੀ ਨਾਰ

ਮਾਏ ਨੀ ਮਾਏ ਮੈਨੂੰ ਸਹੁ ਮਿਲਣੇ ਦੀ ਦਿਲ ਵਿੱਚ ਕਾਹਲ ਪਵੇ,
ਭਾਵੇਂ ਨਾ ਵੇਖਿਆ, ਨਾ ਸੁਣਿਆ ਹੀ ਅਜੇ,
ਰੜਕ ਵਿਛੋੜੇ ਪਰ ਉਸਦੇ ਦੀ ਕਾਲਜੇ ਨੂੰ ਹਰ ਦਮ ਟੀਸ ਦਵੇ |

ਰਹਾਂ ਉਡੀਕਦੀ ਮਿਲ ਜਾਵੇ ਕੋਈ ਜੋ ਪਤਾ ਮਾਹੀ ਥੀਂ ਦੱਸੇ,
ਭੱਜ-ਭੱਜ ਜਾਵਾਂ, ਸ਼ੁਕਰ ਮਨਾਵਾਂ,
ਜਿਉਂ ਕਰ ਭੁੱਜੀ ਅਸਾੜ ਦੀ ਕੋਈ ਸੌਣ ਆਏ ਤੇ ਨੱਚੇ ਹੱਸੇ |

ਆਉ ਸਹੇਲੀਉ ਚਰਖਾ ਡਾਹੀਏ ਗੀਤ ਬਿਰਹੇ ਦੇ ਗਾਈਏ,
ਤਾਂਘ ਦੀ ਤੰਦ, ਪ੍ਰੀਤ ਦੀ ਪੂਣੀ,
ਕੱਤ-ਕੱਤ ਅੱਠੇ ਪਹਿਰੀ ਆਪਣੇ ਸਹੁ ਨੂੰ ਸਦਾ ਰਿਝਾਈਏ |

ਵਸਲ ਮਾਹੀ ਦਾ ਜਿਸ ਨੂੰ ਮਿਲ ਜਾਵੇ ਉਹੋ ਨਾਰ ਸੁਚੱਜੀ,
ਉਹ ਮਾਹੀ ਵਿੱਚ, ਮਾਹੀ ਉਸ ਵਿੱਚ,
ਅਨਦਿਨ ਬਿਗਸੇ ਜਿਵੇਂ ਕੰਵਲ ਕੋਈ ਭਉਜਲ ਤੋਂ ਅਭਿੱਜੀ |

ਕ਼ਾਮਿਲ ਦਰਿਆ

ਵਰ੍ਹਦੀ ਲੂੰਹਦੀ ਸਿਖਰ ਦੁਪਹਿਰੇ ਰੜ੍ਹਦਾ ਸੀ ਮੈਂ ਅੜਿਆ,
ਆਪਣੇ ਵਲ਼ ਦੀ ਛਾਂ 'ਚ ਲੁਕਦਾ, ਪਰ ਜਾਵਾਂ ਨਾ ਹਰਿਆ |

ਆਸ ਬੱਝੀ ਜਦ ਬੁੱਲਾ ਆਇਆ, ਲੈ ਦਰਿਆ ਵਲ ਤੁਰਿਆ,
ਲਹਿਰੀ ਸਾਗਰ ਵੇਖਣ ਤਾਈਂ ਚਾਅ ਮਨ ਅੰਦਰ ਧਰਿਆ |

ਪਰ ਮੈਂ ਹਾਏ ਬਖਤੋਂ ਹੀਣਾ, ਜਦ ਬੰਨੇ ਜਾ ਅਪੜਿਆ,
ਪਾਣੀ ਦਿਸਿਆ, ਸੀ ਬਹਾਅ ਵੀ, ਨਾ ਹੈ ਸੀ ਕੋਈ ਦਰਿਆ |

ਇਹ ਤੇ ਐਸੀ ਧਾਰ ਸੀ ਬਸ ਜੋ, ਸੀ ਉਹਥੇ ਤਕ ਜਾਂਦੀ,
ਮੇਲ ਸਾਗਰ ਦਾ ਦੂਰ ਦੁਰਾਡੇ, ਕੀ ਕਰ ਏਹ ਕਰਵਾਉਂਦੀ |

ਮੇਰੇ ਭਾਗਾਂ ਕੀ ਤੂੰ ਕੋਈ ਕ਼ਾਮਿਲ ਦਰਿਆ ਨਾ ਲਿਖਿਆ,
ਕਹਿ ਸਕਾਂ ਜਿਸ ਦੀ ਮਿਹਰ ਸਦਕਾ, ਮੈਂ ਸਾਗਰ ਨੂੰ ਫੜਿਆ |

ਇੱਕ ਅਕਾਲ

ਇੱਕ ਅਕਾਲ, ਇੱਕ ਪੰਥ ਤੇ ਇੱਕੋ ਤੇਰਾ ਦਰਬਾਰ,
ਸਾਜਿਆ ਤੂੰ ਜਿਨਾਂ ਲਈ, ਕੀਤਾ ਉਨ੍ਹਾਂ ਹੀ ਖੁਆਰ |

ਜਿਵੇਂ ਰੇਤ ਦੇ ਘੁਰਨੇ ਬੱਚੇ ਮੁੜ-੨ ਲਾਉਂਦੇ ਢਾਹੁਂਦੇ,
ਚਾਅ ਵਿੱਚ ਲਾਵਣ, ਚਾਅ ਵਿੱਚ ਢਾਵਣ, ਫਰਕ ਨਾ ਦੋ ਥੀਂ ਕਰਦੇ |

ਪਰ ਇਹ ਕਿਹੋ ਜੇਹੀ ਉੱਮਤ, ਜੋ ਜਦ ਜੀ ਆਵੇ ਬਸ ਢਾਵੇ,
ਉਸਰਣ ਸਾਂਬਣ ਦੇ ਹੀਲੇ ਛੱਡ, ਪੈਰਾਂ ਨਾਲ ਲਿਤਾੜੀ ਜਾਵੇ |

ਬੇਪਰਵਾਹ, ਉਹ ਸਭ ਕੁਝ ਵੇਖੇ, ਅਣਗੌਲ਼ਾ ਕਰ ਹੱਸੇ,
ਚਹੁਂ ਦਿਨਾ ਦੀ ਆਕੜ ਹੰਢਾ ਕੇ, ਮੁੜ ਪੈਣਾ ਜਮ ਵੱਸੇ |

ਥਾਪੜਾ 'ਗੋਬਿੰਦ' ਦਾ

ਜ਼ਮੀਨੀ ਰਾਜ ਲਈ 'ਗੁਰੂ ਗੋਬਿੰਦ' ਨੇ, ਹਰਗਿਜ਼ ਨਹੀਂ ਸੀ ਕਿਰਪਾਨ ਚੁੱਕੀ,
'ਅਕਾਲ' ਤੋਂ ਫਰਾਮੋਸ਼ ਹੋਏ ਮਨੁੱਖਾਂ ਦੇ, ਕਦਮ ਰੋਕਣ ਲਈ ਸੀ, ਹਾਂ ਚੁੱਕੀ |

ਰਾਜ 'ਖ਼ਾਲਸੇ' ਦਾ ਮਿਹਦੂਦ ਨਹੀਂ, ਕੋਈ ਕਿਸੇ ਜ਼ਮੀਨ ਦੀ ਹੱਦ ਅੰਦਰ,
ਹਾਂ ਫੇਰ ਵੀ ਅਨੰਦਪੁਰ ਗੜ੍ਹ ਦੇ ਕੇ, ਖ਼ਾਲਸੇ ਨੂੰ ਫੁੱਲਣ ਲਈ ਥਾਂ ਦਿੱਤੀ |

ਪਰ ਓਸ 'ਖ਼ਾਲਸੇ' ਨੂੰ ਵਧਣ ਫੁੱਲਣ ਤੋਂ, ਦੁਸ਼ਮਣ ਹਰ ਇੱਕ ਕੋਸ਼ਿਸ਼ ਕਰ ਰਿਹਾ,
ਕਿਤੇ ਬਾਹਰੋਂ ਸੱਟਾਂ ਮਾਰ ਰਿਹਾ, ਕਿਤੇ ਅੰਦਰੋਂ ਸੂਲ੍ਹਾਂ ਚੋਬ ਰਿਹਾ |

ਏਸ ਔਖੇ ਸਮੇਂ ਅੰਦਰ, ਕੁਝ 'ਆਪਣੇ' ਵੀ, ਦੁਸ਼ਮਣ ਨਾਲ੍ਹ ਨੇ ਜਾ ਰਲ਼ੇ,
'ਖ਼ਾਲਸੇ' ਦੀ ਚੜ੍ਹਤ ਦੇ ਹੀਲੇ ਛੱਡ, ਢਹਿੰਦੀਆਂ ਸੋਚਾਂ ਨੂੰ ਬੈਠੇ ਨੇ ਲਾ ਗਲ਼ੇ |

ਆਓ ਬਣ ਕੇ ਚਾਨਣ ਮੁਨਾਰੇ ਖਾਲਸੇ ਦੇ, ਹਿਰਦੇ ਅੰਦਰਲਾ ਦੀਵਾ ਬਾਲ਼ ਲਈਏ,
ਮਿਹਰਾਂ 'ਨਾਨਕ' ਦੀਆਂ, ਥਾਪੜਾ 'ਗੋਬਿੰਦ' ਦਾ, ਲੈ ਕੇ ਜਨਮ ਸੁਆਰ ਲਈਏ |

Monday, September 29, 2008

ਖ਼ੁਦਾ-ਪਰਸਤੀ

ਸੀ ਖ਼ੁਦਾ ਤੇ ਖ਼ੁਦਾ-ਪਰਸਤੀ ਪਹਿਲਾਂ ਵੀ ਏਸ ਜਗ ਤੇ,
ਮਜ਼ਹਬ ਇੱਕ ਨਹੀਂ ਬੇਸ਼ੁਮਾਰ ਹੋ ਗੁਜ਼ਰੇ ਈ |

ਪਰ ਨਾਨਕ ਦੀ 'ਤਕਰੀਰ' ਤੇ ਗੋਬਿੰਦ ਦੀ 'ਸ਼ਮਸ਼ੀਰ' ਵਰਗਾ,
ਬੇਮਿਸਾਲ ਜੋੜ ਨਾ ਹੋਇਆ, ਨਾ ਹੋ ਸਕਣਾ ਈ |

'ਤਕਰੀਰ' ਓਹ, ਜੋ 'ਸ਼ਮਸ਼ੀਰ' ਜਿਹੀ ਤਿੱਖੀ ਸੀ, 
'ਸ਼ਮਸ਼ੀਰ' ਏਸੀ, ਜਿਵੇਂ 'ਤਕਰੀਰ' ਨਾਲ੍ਹ ਲੜਨਾ ਈ |

ਬੰਦਿਆਂ ਨੂੰ ਸਿੱਖ ਤੇ ਸਿੱਖ ਨੂੰ ਸਿੰਘ ਸਜਾ ਕੇ,
ਜਿਵੇਂ ਖ਼ਾਲਸੇ ਹੱਥੀਂ ਹੀ, ਦੁਨੀਆ ਨੂੰ ਤਾਰਨਾ ਈ |